ਥਾਣਾ ਸਰਹਿੰਦ ਦੀ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦੇ ਭਰੇ ਕੈਂਟਰ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ।ਡੀ.ਐਸ.ਪੀ. ਸਬ ਡਵੀਜ਼ਨ ਫ਼ਤਹਿਗੜ੍ਹ ਸਾਹਿਬ ਸੁਖਬੀਰ ਸਿੰਘ ਵਾਹਲਾ ਅਤੇ ਐਸ.ਐਚ.ਓ. ਥਾਣਾ ਸਰਹਿੰਦ ਨਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਮੁਖਬਰੀ ਮਿਲੀ ਸੀ ਕਿ ਕਥਿਤ ਵਿਅਕਤੀ ਸੰਦੀਪ ਸਿੰਘ ਅਤੇ ਪਿਊਸ਼ ਵਾਸੀਆਨ ਜ਼ਿਲਾ ਸ਼ਿਮਲਾ(ਹਿਮਾਚਲ ਪ੍ਰਦੇਸ਼) ਜੋ ਕਿ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਖਰੀਦ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਸਮਗਲ ਕਰਨ ਦਾ ਕੰਮ ਕਰਦੇ ਹਨ ਸਰਹਿੰਦ ਵੱਲ ਨੂੰ ਆ ਰਹੇ ਹਨ।ਉਨਾਂ ਦੱਸਿਆ ਕਿ ਮੁਖਬਰੀ 'ਤੇ ਕਾਰਵਾਈ ਕਰਦਿਆਂ ਅ/ਧ 61,78(2) ਆਬਕਾਰੀ ਐਕਟ ਤਹਿਤ ਥਾਣਾ ਸਰਹਿੰਦ ਵਿਖੇ ਮੁਕੱਦਮਾ ਦਰਜ ਕਰਵਾਉਂਦੇ ਹੋਏ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਸਰਹਿੰਦ ਦੇ ਮਾਧੋਪੁਰ ਚੌਂਕ 'ਚ ਨਾਕਾਬੰਦੀ ਕਰਦਿਆਂ ਕੈਂਟਰ ਨੰਬਰ ਐਚ.ਪੀ.08.ਏ-6044 ਨੂੰ ਰੋਕਿਆ ਗਿਆ ਤੇ ਕੈਂਟਰ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ 250 ਪੇਟੀ ਸ਼ਰਾਬ ਵੱਖ-ਵੱਖ ਮਾਰਕਿਆਂ ਦੀ ਬਰਾਮਦ ਹੋਈ ਜਿਸ 'ਤੇ ਕੈਂਟਰ ਨੂੰ ਕਬਜ਼ੇ 'ਚ ਲੈਂਦਿਆਂ ਕੈਂਟਰ 'ਚ ਸਵਾਰ ਸੰਦੀਪ ਸਿੰਘ ਅਤੇ ਪਿਊਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ।ਉਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਅਦਾਲਤ 'ਚੋਂ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕਰਦਿਆਂ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।