ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਆਈਬੀ ਦੀ ਰਿਪੋਰਟ ਮੁਤਾਬਕ ਆਮ ਬਹੁਮਤ ਨਾਲ ਗੁਜਰਾਤ ’ਚ ‘ਆਪ’ ਦੀ ਸਰਕਾਰ ਬਣੇਗੀ। ਕੇਜਰੀਵਾਲ ਨੇ ਗੁਜਰਾਤ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਵੱਡੇ ਬਦਲਾਅ ਲਈ ਸੂਬੇ ਦੀਆਂ 182 ਸੀਟਾਂ ’ਚੋਂ 150 ਸੀਟਾਂ ‘ਆਪ’ ਨੂੰ ਜਿਤਾਉਣ ’ਚ ਮਦਦ ਕਰੋ। ਕੇਜਰੀਵਾਲ ਨੇ ਐਤਵਾਰ ਨੂੰ ਇਕ ਰੈਲੀ ਦੌਰਾਨ ਇਹ ਵੀ ਕਿਹਾ ਕਿ ਲੋਕ ਕਾਂਗਰਸ ਨੂੰ ਬਿਲਕੁਲ ਵੋਟ ਨਾ ਪਾਉਣ ਕਿਉਂਕਿ ਉਸ ਨੂੰ ਵੋਟ ਪਾਉਣ ਨਾਲ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਮਦਦ ਹੋਵੇਗੀ ਤੇ ਉਹ ਜਿੱਤ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਨੂੰ ਹਰਾਉਣ ਲਈ ਭਾਜਪਾ ਤੇ ਕਾਂਗਰਸ ਨੇ ਹੱਥ ਮਿਲਾ ਲਿਆ ਹੈ। ਉਨ੍ਹਾਂ ਭਾਜਪਾ ਸ਼ਾਸਿਤ ਸੂਬੇ ’ਚ ਵਿਧਾਨ ਸਭਾ ਚੋਣਾਂ ’ਚ ਸਿਰਫ਼ 50 ਦਿਨ ਬਾਕੀ ਰਹਿਣ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਆਪ’ ਦੀ ਅਜਿਹੀ ਜ਼ੋਰਦਾਰ ਹਮਾਇਤ ਕਰੋ ਕਿ ਉਹ ਘੱਟੋ-ਘੱਟ 150 ਸੀਟਾਂ ਜਿੱਤ ਜਾਵੇ। ਉਨ੍ਹਾਂ ਕਿਹਾ ਕਿ ਸੂਤਰਾਂ ਦਾ ਕਹਿਣਾ ਹੈ ਕਿ ਆਈਬੀ ਦੀ ਰਿਪੋਰਟ ਮੁਤਾਬਕ, ਜੇਕਰ ਅੱਜ ਚੋਣਾਂ ਕਰਵਾ ਦਿੱਤੀਆਂ ਜਾਣ ਤਾਂ ਬਹੁਤ ਮਾਮੂਲੀ ਫ਼ਰਕ ਨਾਲ ‘ਆਪ’ ਗੁਜਰਾਤ ’ਚ ਸਰਕਾਰ ਬਣਾ ਲਵੇਗੀ।