ਤਲਵੰਡੀ ਸਾਬੋ : ਤਲਵੰਡੀ ਸਾਬੋ ਵਿਚ ਗੁੰਡਾ ਟੈਕਸ ਵਸੂਲੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਨੂੰ ਗਿ੍ਫ਼ਤਾਰ ਕਰ ਲਿਆ ਹੈ।
ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਸੁਨਾਵਰ ਕੁਰੈਸ਼ੀ ਉਰਫ ਆਸ਼ੂ ਖਾਨ ਵਾਸੀ ਗਡੀਪੁਖਤਾ ਜ਼ਿਲ੍ਹਾ ਸ਼ਾਮਲੀ (ਯੂਪੀ) ਨੇ ਦੱਸਿਆ ਕਿ ਉਹ ਮੌੜ ਮੰਡੀ ਵਿਖੇ ਰਹਿੰਦਾ ਹੈ ਅਤੇ 12 ਸਾਲਾਂ ਤੋਂ ਪਸ਼ੂਆਂ ਦਾ ਵਪਾਰ ਕਰਦਾ ਹੈ। ਆਪਣੇ ਚਾਚਾ ਆਕੀ ਖਾਨ ਨਾਲ ਮਿਲ ਕੇ ਉਸ ਨੇ ਪਿੰਡ ਜਗਾ ਰਾਮ ਤੀਰਥ ਵਿਖੇ ਇਕ ਨਹੁਰਾ ਕਿਰਾਏ 'ਤੇ ਲਿਆ ਹੈ, ਜਿੱਥੇ ਉਹ ਪਸ਼ੂ ਪਿੰਡਾਂ ਵਿਚੋਂ ਖਰੀਦ ਕੇ ਇਕੱਠੇ ਕਰਦੇ ਹਨ ਅਤੇ ਫਿਰ ਟਰੱਕ ਰਾਹੀਂ ਮੰਡੀਆਂ 'ਚ ਵੇਚਣ ਲਈ ਭੇਜਦੇ ਹਨ। ਉਨ੍ਹਾਂ ਮੁਤਾਬਿਕ ਨਹੁਰੇ ਦੇ ਨਾਲ ਹੀ ਅਵਤਾਰ ਸਿੰਘ ਦਾ ਘਰ ਹੈ ਜੋ ਇਕ ਦਿਨ ਉਨ੍ਹਾਂ ਕੋਲ ਆਇਆ ਅਤੇ ਆਪਣੇ ਆਪ ਨੂੰ ਟਰੱਕ ਯੂਨੀਅਨ ਤਲਵੰਡੀ ਸਾਬੋ ਦਾ ਪ੍ਰਧਾਨ ਦੱਸਦਿਆਂ ਉਨ੍ਹਾਂ ਨੂੰ ਧਮਕਾ ਕੇ ਕਹਿਣ ਲੱਗਾ ਕਿ ਉਸ ਨੂੰ ਦੱਸੇ ਬਿਨਾਂ ਉਹ ਪਸ਼ੂਆਂ ਦਾ ਟਰੱਕ ਨਹੀਂ ਭਰ ਸਕਦੇ, ਕਿਉਂਕਿ ਟਰੱਕ ਯੁੂਨੀਅਨ ਮੁਤਾਬਕ ਉਨ੍ਹਾਂ ਦੀ ਪਰਚੀ ਕੱਟੀ ਜਾਣੀ ਬਣਦੀ ਹੈ।
ਆਸ਼ੂ ਖਾਨ ਨੇ ਦੱਸਿਆ ਕਿ ਦਬਾਅ ਬਣਾ ਕੇ ਪ੍ਰਧਾਨ ਅਵਤਾਰ ਸਿੰਘ ਉਨ੍ਹਾਂ ਤੋਂ ਪ੍ਰਤੀ ਟਰੱਕ 2 ਹਜ਼ਾਰ ਰੁਪਏ ਲੈਂਦਾ ਰਿਹਾ ਪਰ ਜਿਹੜੀ ਪਰਚੀ ਉਨ੍ਹਾਂ ਨੂੰ ਪੈਸਿਆਂ ਬਦਲੇ ਦਿੰਦਾ ਸੀ, ਉਹ ਟਰੱਕ ਯੂਨੀਅਨ ਦੀ ਨਹੀਂ ਸੀ। ਸ਼ੱਕ ਹੋਣ 'ਤੇ ਉਨ੍ਹਾਂ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਹੁਣ ਤਕ ਅਵਤਾਰ ਸਿੰਘ ਉਨ੍ਹਾਂ ਤੋਂ ਧੱਕੇ ਨਾਲ ਹੀ ਪੈਸੇ ਵਸੂਲਦਾ ਰਿਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਜਦੋਂ ਉਹ ਅਤੇ ਉਸ ਦਾ ਚਾਚਾ ਆਕੀ ਖਾਨ ਇਸ ਸਬੰਧੀ ਉਲਾਂਭਾ ਦੇਣ ਪ੍ਰਧਾਨ ਦੇ ਘਰ ਗਏ ਤਾਂ ਉਹ ਨਹੀਂ ਮਿਲਿਆ ਪਰ ਬਾਅਦ ਵਿਚ ਉਹ ਗਾਲੀ-ਗਲੋਚ ਕਰਦਾ ਉਨ੍ਹਾਂ ਨਹੁਰੇ 'ਤੇ ਇੱਟਾਂ-ਰੋੜੇ ਮਾਰਨ ਲੱਗ ਪਿਆ।
ਤਲਵੰਡੀ ਸਾਬੋ ਪੁਲਿਸ ਨੇ ਸੁਨਾਵਰ ਕੁਰੈਸ਼ੀ ਦੇ ਬਿਆਨਾਂ 'ਤੇ ਟਰੱਕ ਯੁੂਨੀਅਨ ਆਗੂ ਅਵਤਾਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਲਕੇ ਦੀ ਵਿਧਾਇਕਾ ਦੇ ਨਜ਼ਦੀਕੀ ਮੰਨੇ ਜਾਂਦੇ ਟਰੱਕ ਯੂਨੀਅਨ ਪ੍ਰਧਾਨ ਵੱਲੋਂ ਪਸ਼ੂ ਵਪਾਰੀ ਤੋਂ ਕਥਿਤ ਪੈਸੇ ਲੈਂਦਿਆਂ ਦੀ ਬੀਤੇ ਦਿਨੀਂ ਵੀਡੀਓ ਸ਼ੋਸਲ ਮੀਡੀਆ 'ਤੇ ਵਾਇਰਲ ਹੋਣ ਉਪਰੰਤ ਹੀ ਉਕਤ ਮਾਮਲੇ ਨੇ ਤੂਲ ਫੜ ਲਿਆ ਸੀ। ਦੂਜੇ ਪਾਸੇ ਜਾਂਚ ਅਧਿਕਾਰੀ ਧਰਮਵੀਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਤਲਵੰਡੀ ਸਾਬੋ ਖੇਤਰ ਵਿਚ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਹੋਣ ਕਾਰਨ ਪਿਛਲੇ ਸਮੇਂ ਵੀ ਇੱਥੇ ਗੁੰਡਾ ਟੈਕਸ ਵਸੂਲੇ ਜਾਣ ਦਾ ਮਾਮਲਾ ਉਜਾਗਰ ਹੁੰਦਾ ਰਿਹਾ ਹੈ।