ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਦੋ ਨਿਹੰਗ ਸਿੰਘਾਂ ਵੱਲੋਂ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਸੀਸੀਟੀਵੀ ਵੀਡੀਓ ਦੇਰ ਰਾਤ 12 ਵਜੇ ਦੀ ਦੱਸੀ ਜਾ ਰਹੀ ਹੈ, ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਦੋ ਨਿਹੰਗ ਸਿੰਘਾਂ ਵੱਲੋਂ ਇੱਸ ਨੌਜਵਾਨ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਇਸੇ ਦੌਰਾਨ, ਨਿਹੰਗਾਂ ਦਾ ਤੀਸਰਾ ਸਾਥੀ ਵੀ ਆ ਜਾਂਦਾ ਹੈ ਤੇ ਨੌਜਵਾਨ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੰਦਾ ਹੈ। ਵਾਰਦਾਤ ਤੋਂ ਬਾਦ ਨਿਹੰਗ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕ ਨੌਜਵਾਨ ਦੀ ਮਾਂ ਮੁਤਾਬਿਕ ਮ੍ਰਿਤਕ ਹਰਮਨਜੀਤ ਸਿੰਘ ਚਾਟੀਵਿੰਡ ਦਾ ਰਹਿਣ ਵਾਲਾ ਹੈ ਉਸ ਨੂੰ ਫੋਨ ਕਰਕੇ ਕਿਸੇ ਵਿਅਕਤੀ ਵੱਲੋਂ ਬੁਲਾਇਆ ਗਿਆ ਸੀ ,ਜਿਸ ਉਪਰੰਤ ਉਸ ਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਕਿ ਨਿਹੰਗ ਸਿੰਘ ਵਲੋਂ ਨੌਜਵਾਨ ਦਾ ਇਸ ਲਈ ਕਤਲ ਕੀਤਾ ਗਿਆ ਕਿ ਨੌਜਵਾਨ ਉਥੇ ਸਿਗਰਟ ਪੀ ਰਿਹਾ ਸੀ,ਪਰ ਸੀਸੀਟੀਵੀ ਕੈਮਰੇ ਵਿੱਚ ਨੌਜਵਾਨ ਕਿਸੇ ਵੀ ਤਰੀਕੇ ਉਥੇ ਸਿਗਰਟ ਜਾਂ ਹੋਰ ਕੋਈ ਨਸ਼ਾ ਕਰਦਾ ਦਿਖਾਈ ਨਹੀਂ ਦਿੱਤਾ ਅਤੇ ਨਾ ਹੀ ਪੁਲਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਨੌਜਵਾਨ ਉਥੇ ਸਿਗਰਟ ਪੀ ਰਿਹਾ ਸੀ। ਉਕਤ ਨੌਜਵਾਨ ਹਰਮਨਜੀਤ ਦਾ ਨਿਹੰਗ ਸਿੰਘਾਂ ਵੱਲੋਂ ਕਤਲ ਕਿਉਂ ਕੀਤਾ ਗਿਆ ਇਹ ਅਜੇ ਜਾਂਚ ਦਾ ਵਿਸ਼ਾ ਹੈ।