ਗੁਰਦਾਸਪੁਰ : ਪੁਲਿਸ ਥਾਣਾ ਸਦਰ ਗੁਰਦਾਸਪੁਰ ਅਧੀਨ ਆਉਂਦੇ ਪਿੰਡ ਤੁੰਗ ਵਿਖੇ ਦੇਰ ਰਾਤ ਆਪਣੀ ਪ੍ਰੇਮਿਕਾ ਨੂੰ ਮਿਲਣ ਗਏ ਲੜਕੇ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਬੇਸਬੈਟ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ। ਇਸ ਘਟਨਾ ਵਿਚ ਲੜਕੀ ਸਮੇਤ ਕੁੱਲ 7 ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 302, 120ਬੀ, 148 ਅਤੇ 149 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵਾਰਦਾਤ ਪਿਛੋਂ ਲੜਕੀ ਅਤੇ ਉਸਦੀ ਮਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਬਾਕੀ ਦੋਸ਼ੀ ਫਰਾਰ ਹਨ। ਮਿ੍ਤਕ ਦੀ ਪਛਾਣ ਯੂਸਫ ਮਸੀਹ ਉਰਫ ਲੱਕੀ (26) ਪੁੱਤਰ ਕਮਲਜੀਤ ਮਸੀਹ ਵਾਸੀ ਤੁੰਗ ਹਾਲ ਵਾਸੀ ਪ੍ਰੇਮ ਨਗਰ ਵਜੋਂ ਹੋਈ ਹੈ।
ਇਸ ਘਟਨਾ ਬਾਰੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਮਿ੍ਤਕ ਲੜਕੇ ਦੇ ਭਰਾ ਵਿਕਟਰ ਮਸੀਹ ਨੇ ਦੱਸਿਆ ਕਿ ਯੂਸਫ ਮਸੀਹ ਉਰਫ ਲੱਕੀ ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਜਿਸ ਦੇ ਮਨਪ੍ਰੀਤ ਉਰਫ ਮੰਨਾ ਪੁੱਤਰ ਮੰਗਾ ਮਸੀਹ ਵਾਸੀ ਪਿੰਡ ਤੁੰਗ ਨਾਲ ਨਜਾਇਜ਼ ਸਬੰਧ ਸਨ । ਉਕਤ ਲੜਕੀ ਦਾ ਘਰ ਸਾਹਮਣੇ ਹੋਣ ਕਰਨ ਕਾਰਨ ਉਹ ਇਸ ਗੱਲ ਦਾ ਬੁਰਾ ਮਨਾਉਂਦੇ ਸਨ। ਇਸ ਸਬੰਧੀ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਦੋਵਾਂ ਪਰਿਵਾਰਾਂ ਦਾ ਰਾਜੀਨਾਮਾ ਵੀ ਕਰਵਾਇਆ ਗਿਆ ਸੀ ਪਰ ਉਕਤ ਮਨਪ੍ਰਰੀਤ ਦੇ ਪਰਿਵਾਰਕ ਮੈਂਬਰ ਇਸ ਗੱਲ ਨੂੰ ਆਪਣੇ ਅੰਦਰੋਂ ਕੱਢਦੇ ਨਹੀਂ ਸਨ। ਇਸ ਦੌਰਾਨ 24 ਅਗਸਤ 2019 ਨੂੰ ਕਰੀਬ 11:30 ਵਜੇ ਰਾਤ ਉਸਦੇ ਭਰਾ ਯੂਸਫ ਮਸੀਹ ਉਰਫ ਲੱਕੀ ਨੂੰ ਮਨਪ੍ਰੀਤ ਨੇ ਆਪਣੇ ਘਰ ਬੁਲਾਇਆ ਜਿਥੇ ਪਹਿਲਾਂ ਤੋਂ ਮੌਜੂਦ ਕਾਂਤਾ ਪਤਨੀ ਮੰਗਾ ਮਸੀਹ, ਪ੍ਰੀਤ, ਕਾਕਾ ਪੁਤਰਾਨ ਮੰਗਾ ਮਸੀਹ ਅਤੇ ਦੇਬਾ ਪੁੱਤਰ ਸਾਈਂ ਦਾਸ ਵਾਸੀਆਨ ਪਿੰਡ ਤੁੰਗ ਥਾਣਾ ਸਦਰ ਗੁਰਦਾਸਪੁਰ ਵੱਲੋਂ ਉਸਦੇ ਭਰਾ ਉਕਤ ਯੂੁਸਫ ਮਸੀਹ ਨਾਲ ਕੁੱਟਮਾਰ ਕੀਤੀ ਗਈ। ਜਿਸ ਸਬੰਧੀ ਉਸਨੂੰ ਅਤੇ ਉਸਦੀ ਪਤਨੀ ਨੂੰ ਪਤਾ ਲੱਗਣ ਤੇ ਉਹ ਉਕਤ ਮਨਪ੍ਰੀਤ ਉਰਫ ਮੰਨਾ ਦੇ ਘਰ ਗਏ ਜਿਥੇ ਉਨ੍ਹਾਂ ਦੇਖਿਆ ਕਿ ਉਕਤ ਸਾਰੇ ਦੋਸ਼ੀ ਉਸਦੇ ਭਰਾ ਯੂਸਫ ਮਸੀਹ ਦੀ ਕੁੱਟਕਾਰ ਕਰ ਰਹੇ ਸੀ ਜਿਥੇ ਉਸਦੀ ਪਤਨੀ ਵੱਲੋਂ ਰੌਲਾ ਪਾਉਣ ਤੇ ਉਕਤ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਉਕਤ ਦੋਸ਼ੀਆਂ ਵੱਲੋਂ ਉਸਦੇ ਭਰਾ ਯੂਸਫ ਮਸੀਹ ਉਕਤ ਲੱਕੀ ਨੂੰ ਸਖਤ ਸੱਟਾਂ ਲੱਗਣ ਲਾਲ ਮੌਕੇ 'ਤੇ ਹੀ ਮੌਤ ਹੋ ਗਈ।
ਇਥੇ ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਪਹਿਲਾਂ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਪਿਛੋਂ ਪੀੜਤ ਧਿਰ ਨੇ ਥਾਣਾ ਸਦਰ ਅੱਗੇ ਰੋਸ ਧਰਨਾ ਲਗਾ ਦਿੱਤਾ ਅਤੇ ਦੋ ਹੋਰਨਾਂ ਮੁਲਜ਼ਮਾਂ ਖਿਲਾਫ ਵੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ। ਇਸ ਪਿਛੋਂ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਸੰਜੀਵ ਅਤੇ ਅਜੂਬਾ ਨੂੰ ਵੀ ਨਾਮਜ਼ਦ ਕਰ ਲਿਆ।